ਮੂਲ ਗੱਲਾਂ: ਸਿਹਤਮੰਦ ਭੋਜਨ ਖਾਣ, ਸ਼ੱਕਰ ਰੋਗ (ਸ਼ੂਗਰ) ਦੀ ਰੋਕਥਾਮ ਅਤੇ ਉਪਾਅ

ਸ਼ੱਕਰ ਰੋਗ (ਸ਼ੂਗਰ) ਉਦੋਂ ਹੁੰਦਾ ਹੈ ਜਦੋਂ ਤੁਹਾਡਾ ਸਰੀਰ ਊਰਜਾ ਪ੍ਰਦਾਨ ਕਰਨ ਲਈ ਭੋਜਨ ਨੂੰ ਉਚਿਤ ਢੰਗ ਨਾਲ ਵਰਤ ਅਤੇ ਸਾਂਭ ਨਹੀਂ ਸਕਦਾ। ਤੁਹਾਡੇ ਸਰੀਰ ਨੂੰ ਜਿਹੜੇ ਈਂਧਨ (ਬਾਲਣ) ਦੀ ਲੋੜ ਹੁੰਦੀ ਹੈ ਉਸਨੂੰ ਗਲੂਕੋਜ਼ ਕਹਿੰਦੇ ਹਨ, ਇਹ ਸ਼ੱਕਰ (ਸ਼ੂਗਰ) ਦਾ ਇੱਕ ਰੂਪ ਹੁੰਦਾ ਹੈ। ਗਲੂਕੋਜ਼ ਉਨ੍ਹਾਂ ਭੋਜਨਾਂ ਤੋਂ ਬਣਦਾ ਹੈ ਜਿੰਨ੍ਹਾਂ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ, ਜਿਵੇਂ ਕਿ ਫਲ਼, ਦੁੱਧ, ਨਸ਼ਾਸਤੇ ਵਾਲੇ ਭੋਜਨ, ਖੰਡ ਅਤੇ ਕੁਝ ਸਬਜ਼ੀਆਂ। ਸ਼ੱਕਰ ਰੋਗ ਵਿੱਚ, ਗਲੂਕੋਜ਼ ਦਾ ਪੱਧਰ ਖ਼ੂਨ ਵਿੱਚ ਬਹੁਤ ਵਧ ਜਾਂਦਾ ਹੈ।

ਸ਼ੱਕਰ ਰੋਗ ਦੀਆਂ ਵੱਖ ਵੱਖ ਕਿਸਮਾਂ ਹੁੰਦੀਆਂ ਹਨ। ਇਹ ਚਾਰਟ ਵਿਖਾਉਂਦਾ ਹੈ ਕਿ ਹਰ ਕਿਸਮ ਦੇ ਸ਼ੱਕਰ ਰੋਗ ਵਿੱਚ ਖ਼ੂਨ ਵਿੱਚ ਗਲੂਕੋਜ਼ (ਬਲੱਡ ਸ਼ੂਗਰ) ਨੂੰ ਕਾਬੂ ਵਿੱਚ ਰੱਖਣ ਲਈ ਕਿਵੇਂ ਉਪਾਅ ਕੀਤੇ ਜਾਂਦੇ ਹਨ ।

ਸ਼ੱਕਰ ਰੋਗ ਦੀ ਕਿਸਮ ਇਸ ਕਿਸਮ ਦੇ ਰੋਗ ਦਾ ਉਪਾਅ ਕਿਵੇਂ ਕੀਤਾ ਜਾਂਦਾ ਹੈ
ਟਾਈਪ 1 ਸ਼ੱਕਰ ਰੋਗ


ਪਾਚਕ ਗ੍ਰੰਥੀ (ਪੈਨਕਰਿਅਸ) ਇਨਸੁਲਿਨ ਨਹੀਂ ਬਣਾਉਂਦੀ। ਗਲੂਕੋਜ਼ ਊਰਜਾ ਲਈ ਵਰਤੇ ਜਾਣ ਦੀ ਬਜਾਏ ਖ਼ੂਨ ਵਿੱਚ ਇਕੱਠਾ ਹੋਣ ਲੱਗ ਜਾਂਦਾ ਹੈ।
 • ਸਿਹਤਮੰਦ ਭੋਜਨ ਖਾਣਾ
 • ਇਨਸੁਲਿਨ
 • ਸਰੀਰਕ ਗਤੀਵਿਧੀ
ਟਾਈਪ 2 ਸ਼ੱਕਰ ਰੋਗ


ਪਾਚਕ ਗ੍ਰੰਥੀ (ਪੈਨਕਰਿਅਸ) ਇਨਸੁਲਿਨ ਨਹੀਂ ਬਣਾਉਂਦੀ, ਜਾਂ ਤੁਹਾਡਾ ਸਰੀਰ ਜਿਹੜੀ ਇਨਸੁਲਿਨ ਬਣਾਉਂਦਾ ਹੈ ਉਸਨੂੰ ਉਚਿਤ ਢੰਗ ਨਾਲ ਨਹੀਂ ਵਰਤਦਾ।
 • ਸਿਹਤਮੰਦ ਭੋਜਨ ਖਾਣਾ
 • ਸਰੀਰਕ ਗਤੀਵਿਧੀ
 • ਗੋਲੀਆਂ ਜਾਂ ਇਨਸੁਲਿਨ (ਕੁਝ ਹਾਲਤਾਂ ਵਿੱਚ ਦੋਵੇਂ)
ਸ਼ੱਕਰ ਰੋਗ ਤੋਂ ਪਹਿਲਾਂ ਦੀ ਹਾਲਤ


ਖ਼ੂਨ ਵਿੱਚ ਗਲੂਕੋਜ਼ ਦੇ ਪੱਧਰ ਸਧਾਰਨ ਨਾਲੋਂ ਵੱਧ ਹਨ, ਪ੍ਰੰਤੂ ਟਾਈਪ 2 ਸ਼ੱਕਰ ਰੋਗ ਦੀ ਪਤਾ ਲਾਉਣ ਲਈ ਅਜੇ ਕਾਫ਼ੀ ਨਹੀਂ ਹਨ।
 • ਸਿਹਤਮੰਦ ਭੋਜਨ ਖਾਣਾ
 • ਸਰੀਰਕ ਗਤੀਵਿਧੀ
ਗਰਭ-ਅਵਸਥਾ ਦੌਰਾਨ ਸ਼ੱਕਰ ਰੋਗ


ਗਰਭ ਦੌਰਾਨ ਖ਼ੂਨ ਵਿੱਚ ਗਲੂਕੋਜ਼ ਵੱਧਣਾ ਸ਼ੁਰੂ ਹੁੰਦਾ ਹੈ ਜਾਂ ਉਦੋਂ ਪਹਿਲੀ ਵਾਰੀ ਇਸ ਦਾ ਪਤਾ ਲੱਗਦਾ ਹੈ।
 • ਸਿਹਤਮੰਦ ਭੋਜਨ ਖਾਣਾ
 • ਸਰੀਰਕ ਗਤੀਵਿਧੀ
 • ਇਨਸੁਲਿਨ ਵਰਤੀ ਜਾ ਸਕਦੀ ਹੈ